Washington State

Office of the Attorney General

Attorney General

Bob Ferguson

ਇਸ ਭਾਸ਼ਾ ਵਿੱਚ ਹੋਰ ਸਰੋਤ ਵੀ ਉਪਲਬਧ ਹਨ।

Attorney General’s Office (ਅਟਾਰਨੀ ਜਨਰਲ ਦਾ ਦਫ਼ਤਰ) ਦੁਆਰਾ ਪ੍ਰਸਤਾਵਿਤ ਅਤੇ ਵਿਧਾਨ ਸਭਾ ਦੁਆਰਾ ਅਪਣਾਏ ਗਏ ਕਾਨੂੰਨ ਦੇ ਨਤੀਜੇ ਵਜੋਂ, 4 ਮਿਲੀਅਨ ਵਾਸ਼ਿੰਗਟਨ ਵਾਸੀ ਹੁਣ ਵਾਸ਼ਿੰਗਟਨ ਰਾਜ ਦੇ ਹਸਪਤਾਲਾਂ ਵਿੱਚ ਮੁਫ਼ਤ ਜਾਂ ਇਲਾਜ ਦੇ ਖਰਚੇ ਉੱਤੇ ਛੋਟ ਪ੍ਰਾਪਤ ਕਰਨ ਦੇ ਯੋਗ ਹਨ।

ਤੁਰੰਤ ਲਿੰਕ:

 

ਯੋਗਤਾ ਕੈਲਕੂਲੇਟਰ

ਅਕਸਰ ਪੁੱਛੇ ਗਏ ਸਵਾਲ

 

ਵਾਸ਼ਿੰਗਟਨ ਦੇ ਲਗਭਗ ਅੱਧੇ ਨਿਵਾਸੀ ਵਾਸ਼ਿੰਗਟਨ ਰਾਜ ਦੇ ਹਸਪਤਾਲਾਂ ਵਿੱਚ ਮੁਫ਼ਤ ਜਾਂ ਘੱਟ ਲਾਗਤ ਵਿੱਚ ਦੇਖਭਾਲ ਪ੍ਰਾਪਤ ਕਰਨ ਦੇ ਯੋਗ ਹਨ।  ਜੇ ਤੁਹਾਡੇ ਕੋਲ ਬੀਮਾ ਨਹੀਂ ਵੀ ਹੈ ਤਾਂ ਵੀ, ਇਹ ਸੁਰੱਖਿਆ ਯੋਜਨਾਵਾਂ ਸਹਿ-ਭੁਗਤਾਨ ਅਤੇ ਕਟੌਤੀਆਂ ਸਮੇਤ ਜੇਬ ਵਿੱਚੋਂ ਹੋਣ ਵਾਲੇ (ਆਉਟ-ਆਫ਼-ਪਾਕੇਟ) ਹਸਪਤਾਲ ਦੇ ਖਰਚਿਆਂ 'ਤੇ ਲਾਗੂ ਹੁੰਦੀਆਂ ਹਨ। ਵਾਸ਼ਿੰਗਟਨ ਦਾ ਕਨੂੰਨ ਹੁਣ ਜੇਬ ਵਿੱਚੋਂ ਹੋਣ ਵਾਲੇ ਹਸਪਤਾਲ ਦੇ ਖਰਚਿਆਂ ਲਈ ਦੇਸ਼ ਵਿੱਚ ਸਭ ਤੋਂ ਮਜ਼ਬੂਤ ਸੁਰੱਖਿਆ ਪ੍ਰਦਾਨ ਕਰਦਾ ਹੈ।

ਇਹ ਨਵਾਂ ਕਨੂੰਨ ਜੇਬ ਵਿੱਚੋਂ ਹੋਣ ਵਾਲੇ ਹਸਪਤਾਲ ਦੇ ਖਰਚਿਆਂ, ਜਿਵੇਂ ਕਿ ਸਹਿ-ਭੁਗਤਾਨ ਅਤੇ ਕਟੌਤੀਆਂ ਲਈ ਯੋਗਤਾ ਵਿੱਚ ਭਾਰੀ ਵਾਧਾ ਕਰਦਾ ਹੈ, ਅਤੇ ਇਸਦੇ ਨਾਲ-ਨਾਲ ਛੋਟ ਲਈ ਯੋਗਤਾ ਦਾ ਵੀ ਵਿਸਤਾਰ ਕਰਦਾ ਹੈ। ਨਵੇਂ ਕਨੂੰਨ ਤੋਂ ਪਹਿਲਾਂ, 50 ਘੰਟੇ ਪ੍ਰਤੀ ਹਫ਼ਤੇ 'ਤੇ 2 ਨਿਊਨਤਮ ਤਨਖਾਹ ਵਾਲੀਆਂ ਨੌਕਰੀਆਂ ਕਰਨ ਵਾਲੇ ਸਿੰਗਲ ਮਾਤਾ ਜਾਂ ਪਿਤਾ ਵਾਸ਼ਿੰਗਟਨ ਦੇ ਹਸਪਤਾਲਾਂ ਵਿੱਚ ਇਸ ਵਿੱਤੀ ਸਹਾਇਤਾ ਲਈ ਯੋਗ ਨਹੀਂ ਸੀ। ਨਵੇਂ ਕਨੂੰਨ ਨੇ ਇਸਨੂੰ ਬਦਲ ਦਿੱਤਾ ਹੈ।

ਕਨੂੰਨ ਇਹ ਯਕੀਨੀ ਬਣਾਉਂਦਾ ਹੈ ਕਿ ਉਹ ਸਾਰੇ ਵਾਸ਼ਿੰਗਟਨ ਵਾਸੀ ਜੋ ਫੈਡਰਲ ਗਰੀਬੀ ਪੱਧਰ ਦੇ 300 ਪ੍ਰਤੀਸ਼ਤ ਵਿੱਚ ਆਉਂਦੇ ਹਨ ਉਹ ਲੋਕ ਹਸਪਤਾਲ ਦੇ ਬਿੱਲਾਂ ਉੱਤੇ ਜੇਬ ਵਿੱਚੋਂ ਹੋਣ ਵਾਲੇ ਖਰਚੇ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਹਨ। ਫੈਡਰਲ ਗਰੀਬੀ ਪੱਧਰ ਦੇ 400 ਪ੍ਰਤੀਸ਼ਤ ਤੱਕ ਆਉਣ ਵਾਲੇ ਪਰਿਵਾਰ ਵਿੱਤੀ ਸਹਾਇਤਾ ਲਈ ਯੋਗ ਹੋ ਸਕਦੇ ਹਨ, ਪਰ ਇਹ ਹਸਪਤਾਲ 'ਤੇ ਨਿਰਭਰ ਕਰਦਾ ਹੈ।  ਇਹ ਨਵਾਂ ਕਨੂੰਨ ਵਿੱਤੀ ਸਹਾਇਤਾ ਦੇ 2 ਟੀਅਰ (ਪੱਧਰ) ਸਥਾਪਤ ਕਰਦਾ ਹੈ - ਪਹਿਲਾ, ਵੱਡੇ ਹਸਪਤਾਲਾਂ ਅਤੇ ਵੱਡੀਆਂ ਸਿਹਤ ਦੇਖਭਾਲ ਪ੍ਰਣਾਲੀਆਂ (ਟੀਅਰ 1) ਲਈ ਅਤੇ ਦੂਜਾ, ਛੋਟੇ ਅਤੇ ਸੁਤੰਤਰ ਹਸਪਤਾਲਾਂ (ਟੀਅਰ 2) ਲਈ।

ਤੁਸੀਂ ਜਾਂ ਤੁਹਾਡੇ ਪਰਿਵਾਰ ਵਿੱਚੋਂ ਇਸਦੇ ਲਈ ਕੋਈ ਯੋਗ ਹੈ ਜਾਂ ਨਹੀਂ, ਇਹ ਦੇਖਣ ਲਈ ਹੇਠਾਂ ਦਿੱਤੇ ਚਾਰਟ ਨੂੰ ਦੇਖੋ। ਇਹ ਚਾਰਟ ਉਹ ਆਮਦਨ ਪੱਧਰ ਦਿਖਾਉਂਦਾ ਹੈ ਜੋ ਟੀਅਰ 1 ਅਤੇ ਟੀਅਰ 2 ਹਸਪਤਾਲਾਂ ਵਿੱਚ ਛੋਟ ਪ੍ਰਾਪਤ ਕਰਨ ਲਈ ਯੋਗ ਹਨ (ਕਿਹੜੇ ਹਸਪਤਾਲ ਕਿਸ ਟੀਅਰ ਵਿੱਚ ਆਉਂਦੇ ਹਨ ਇਸ ਸੰਬੰਧੀ ਗੈਰ-ਅਧਿਕਾਰਤ ਸੂਚੀ ਦੇਖਣ ਲਈ ਇੱਥੇ ਕਲਿੱਕ ਕਰੋ):

Chart listing potential discounts

 


ਫੈਡਰਲ ਗਰੀਬੀ ਪੱਧਰ ਦੇ ਪ੍ਰਤੀਸ਼ਤ ਅਨੁਸਾਰ ਆਪਣੀ ਆਮਦਨ ਦੀ ਗਣਨਾ ਕਰੋ:

ਸਲਾਨਾ ਆਮਦਨ:
ਨਿਵਾਸੀਆਂ ਦੀ ਗਿਣਤੀ:

 

 

ਚਾਰਟ ਅਤੇ ਕੈਲਕੁਲੇਟਰ ਸਿਰਫ਼ ਅਨੁਮਾਨ ਲਗਾਉਣ ਦੇ ਉਦੇਸ਼ਾਂ ਲਈ ਪ੍ਰਦਾਨ ਕੀਤੇ ਗਏ ਹਨ। ਆਪਣੀ ਵਿਸ਼ੇਸ਼ ਯੋਗਤਾ ਦਾ ਪਤਾ ਲਗਾਉਣ ਲਈ ਸਿੱਧਾ ਆਪਣੇ ਹਸਪਤਾਲ ਨਾਲ ਸੰਪਰਕ ਕਰੋ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਹਸਪਤਾਲ ਕਨੂੰਨ ਦੀ ਪਾਲਣਾ ਨਹੀਂ ਕਰ ਰਿਹਾ ਹੈ, ਤਾਂ ਅਟਾਰਨੀ ਜਨਰਲ ਨੂੰ https://www.atg.wa.gov/file-complaint 'ਤੇ ਸ਼ਿਕਾਇਤ ਕਰੋ।


ਅਕਸਰ ਪੁੱਛੇ ਗਏ ਸਵਾਲ

 

"ਚੈਰਿਟੀ ਕੇਅਰ" ਕੀ ਹੈ?

ਵਾਸ਼ਿੰਗਟਨ ਦਾ ਚੈਰਿਟੀ ਕੇਅਰ ਕਨੂੰਨ ਮੰਗ ਕਰਦਾ ਹੈ ਕਿ ਹਸਪਤਾਲ ਘੱਟ ਆਮਦਨ ਵਾਲੇ ਮਰੀਜ਼ਾਂ ਨੂੰ ਉਹਨਾਂ ਦੀ ਜੇਬ ਵਿੱਚੋਂ ਹੋਣ ਵਾਲੇ ਮੈਡੀਕਲ ਖਰਚਿਆਂ ਵਿੱਚ ਮਦਦ ਕਰਨ ਲਈ ਉਹਨਾਂ ਨੂੰ ਵਿੱਤੀ ਸਹਾਇਤਾ ਉਪਲਬਧ ਕਰਵਾਉਣ। ਇਹ ਗੱਲ ਸਪਸ਼ਟ ਕਰ ਦਈਏ ਕਿ ਅਸੀਂ ਉਹਨਾਂ ਲੋਕਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਕੋਲ ਬੀਮਾ ਹੈ, ਅਤੇ ਜਿਨ੍ਹਾਂ ਕੋਲ ਬੀਮਾ ਨਹੀਂ ਹੈ ਉਹ ਵੀ ਇਸ ਵਿੱਚ ਸ਼ਾਮਲ ਹਨ। ਬਹੁਤ ਸਾਰੇ ਲੋਕਾਂ ਨੂੰ ਬੀਮੇ ਹੋਣ ਦੇ ਬਾਵਜੂਦ ਜੇਬ ਵਿੱਚੋਂ ਭਾਰੀ ਖਰਚੇ ਅਦਾ ਕਰਨੇ ਪੈਂਦੇ ਹਨ ਅਤੇ ਸਾਡਾ ਚੈਰਿਟੀ ਕੇਅਰ ਕਨੂੰਨ ਉਹਨਾਂ ਵਿਅਕਤੀਆਂ ਦੀ ਮਦਦ ਕਰਦਾ ਹੈ।

 

ਕੀ ਕੋਈ ਘੱਟੋ-ਘੱਟ ਉਮਰ ਦੀ ਸੀਮਾ ਹੈ?

ਨਹੀਂ। ਯੋਗਤਾ ਲਈ ਕੋਈ ਘੱਟੋ-ਘੱਟ ਜਾਂ ਵੱਧ ਤੋਂ ਵੱਧ ਉਮਰ ਦੀ ਸੀਮਾ ਨਹੀਂ ਹੈ। ਸਾਰੇ ਵਾਸ਼ਿੰਗਟਨ ਵਾਸੀ ਯੋਗ ਹਨ।

 

ਕੀ ਚੈਰਿਟੀ ਕੇਅਰ ਦੀ ਵਰਤੋਂ ਕਰਨ ਲਈ ਤੁਹਾਡੇ ਕੋਲ Medicare ਜਾਂ Medicaid ਹੋਣਾ ਚਾਹੀਦਾ ਹੈ?

ਨਹੀਂ, ਚੈਰਿਟੀ ਕੇਅਰ ਸਾਰੇ ਵਾਸ਼ਿੰਗਟਨ ਵਾਸੀਆਂ ਉੱਤੇ ਲਾਗੂ ਹੁੰਦਾ ਹੈ, ਭਾਵੇਂ ਉਨ੍ਹਾਂ ਕੋਲ ਜਨਤਕ ਮੈਡੀਕਲ ਬੀਮਾ ਹੋਵੇ, ਪ੍ਰਾਈਵੇਟ ਮੈਡੀਕਲ ਬੀਮਾ ਹੋਵੇ ਜਾਂ ਭਾਵੇਂ ਬੀਮਾ ਨਾ ਵੀ ਹੋਵੇ। ਚੈਰਿਟੀ ਕੇਅਰ ਸਿਰਫ਼ ਤੁਹਾਡੀ ਆਮਦਨੀ ਦੇ ਪੱਧਰ ਦੇ ਆਧਾਰ 'ਤੇ, ਤੁਹਾਡੀ ਜੇਬ ਵਿੱਚੋਂ ਹੋਣ ਵਾਲੇ ਖਰਚਿਆਂ ਨੂੰ ਕਵਰ ਕਰਦੀ ਹੈ, ਭਾਵੇਂ ਤੁਹਾਡੇ ਕੋਲ ਕੋਈ ਵੀ ਬੀਮਾ ਨਾ ਹੋਵੇ।

 

ਕੀ ਚੈਰਿਟੀ ਕੇਅਰ ਲਈ ਅਰਜ਼ੀ ਦੇਣ ਲਈ ਮੈਨੂੰ ਸੰਯੁਕਤ ਰਾਜ ਦਾ ਨਾਗਰਿਕ ਹੋਣਾ ਜ਼ਰੂਰੀ ਹੈ?

ਨਹੀਂ, ਸਾਰੇ ਮਰੀਜ਼ ਚੈਰਿਟੀ ਕੇਅਰ ਲਈ ਅਰਜ਼ੀ ਦੇ ਸਕਦੇ ਹਨ, ਭਾਵੇਂ ਉਹ ਪ੍ਰਵਾਸੀ ਹੋਣ।

 

ਕੀ ਚੈਰਿਟੀ ਕੇਅਰ ਪ੍ਰਾਪਤ ਕਰਨ ਨਾਲ ਸਮਾਜਿਕ ਸੁਰੱਖਿਆ, Medicare ਜਾਂ Medicaid ਲਈ ਮੇਰੀ ਯੋਗਤਾ ਪ੍ਰਭਾਵਿਤ ਹੁੰਦੀ ਹੈ?

ਅਜਿਹਾ ਨਹੀਂ ਹੁੰਦਾ। ਚੈਰਿਟੀ ਕੇਅਰ ਤੁਹਾਡੇ ਹਸਪਤਾਲ ਦੇ ਬਿੱਲ ਦੇ ਉਸ ਹਿੱਸੇ 'ਤੇ ਲਾਗੂ ਹੁੰਦੀ ਹੈ ਜਿਸਦਾ ਭੁਗਤਾਨ ਤੁਸੀਂ ਆਪਣੀ ਜੇਬ ਵਿੱਚੋਂ ਕਰਦੇ ਹੋ — ਜਿਵੇਂ ਕਿ ਕਟੌਤੀਆਂ ਅਤੇ ਸਹਿ-ਭੁਗਤਾਨ। Medicare ਜਾਂ Medicaid ਆਪਣੇ ਹਿੱਸੇ ਦੇ ਬਿੱਲ ਨੂੰ ਕਵਰ ਕਰਨਗੇ, ਅਤੇ ਫਿਰ ਚੈਰਿਟੀ ਕੇਅਰ ਉਸ ਬਕਾਇਆ ਬਿੱਲ 'ਤੇ ਲਾਗੂ ਹੋਵੇਗੀ ਜਿਸ ਦਾ ਭੁਗਤਾਨ ਮਰੀਜ਼ ਨੂੰ ਆਪਣੀ ਜੇਬ ਵਿੱਚੋਂ ਕਰਨਾ ਪੈਂਦਾ ਹੈ।

 

ਕੀ Medicare ਅਤੇ/ਜਾਂ Medicaid ਵਿੱਚ ਹਰ ਚੀਜ਼ ਦਾ ਭੁਗਤਾਨ ਨਹੀਂ ਕੀਤਾ ਜਾਂਦਾ?

ਇਹ ਜ਼ਰੂਰੀ ਨਹੀਂ ਹੈ। ਬੀਮੇ ਵਿੱਚ ਕਵਰ ਹੋਣ ਵਾਲੀਆਂ ਚੀਜ਼ਾਂ ਤੋਂ ਇਲਾਵਾ ਕਿਸੇ ਵੀ ਹਸਪਤਾਲ ਦੇ ਇਲਾਜ ਨਾਲ ਸਬੰਧਿਤ ਕੁਝ ਖਰਚੇ ਮਰੀਜ਼ ਨੂੰ ਆਪਣੀ ਜੇਬ ਵਿੱਚੋਂ ਦੇਣੇ ਪੈ ਸਕਦੇ ਹਨ। ਇਹ ਪ੍ਰਾਈਵੇਟ ਬੀਮੇ ਉੱਤੇ ਵੀ ਲਾਗੂ ਹੁੰਦਾ ਹੈ।

 

ਕੀ ਇਸ ਤਰ੍ਹਾਂ ਦੀ ਵਿੱਤੀ ਸਹਾਇਤਾ ਸਿਰਫ਼ ਉਨ੍ਹਾਂ ਲੋਕਾਂ ਲਈ ਉਪਲਬਧ ਹੈ ਜਿਨ੍ਹਾਂ ਦੀ ਆਮਦਨ ਬਹੁਤ ਘੱਟ ਹੈ? ਮੈਨੂੰ ਸ਼ੱਕ ਹੈ ਕਿ ਮੈਂ "ਚੈਰਿਟੀ" ਲਈ ਯੋਗ ਹਾਂ ਜਾਂ ਨਹੀਂ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ। ਹਸਪਤਾਲ ਦੇ ਬਿੱਲ ਸਾਰਿਆਂ ਦੇ ਲਈ ਮਹਿੰਗੇ ਹੁੰਦੇ ਹਨ। ਇਸ ਲਈ ਇਸ ਨਵੇਂ ਕਾਨੂੰਨ ਨੇ ਯੋਗਤਾ ਦਾ ਵਿਸਤਾਰ ਕੀਤਾ ਹੈ। ਉਦਾਹਰਨ ਦੇ ਲਈ, 4 ਲੋਕਾਂ ਦਾ ਪਰਿਵਾਰ ਜਿਸ ਦੀ ਘਰੇਲੂ ਆਮਦਨ ਲਗਭਗ $83,000 ਤੱਕ ਹੈ, ਉਹ ਰਾਜ ਦੇ ਹਰ ਹਸਪਤਾਲ ਵਿੱਚ ਛੋਟ ਤਾਂ ਜ਼ਰੂਰ ਪ੍ਰਾਪਤ ਕਰ ਸਕਦਾ ਹੈ। ਸਭ ਤੋਂ ਵੱਡੇ ਹਸਪਤਾਲਾਂ ਵਿੱਚ, ਉਹ ਜੇਬ ਵਿੱਚੋਂ ਕੋਈ ਖਰਚਾ ਨਾ ਕਰਨ ਲਈ ਯੋਗ ਹੁੰਦੇ ਹਨ। ਰਾਜ ਦੇ ਸਭ ਤੋਂ ਵੱਡੇ ਹਸਪਤਾਲਾਂ ਵਿੱਚ, ਸਲਾਨਾ $111,000 ਤੱਕ ਕਮਾਉਣ ਵਾਲਾ 4 ਲੋਕਾਂ ਦਾ ਪਰਿਵਾਰ ਆਪਣੀ ਜੇਬ ਵਿੱਚੋਂ ਕੀਤੇ ਜਾਣ ਵਾਲੇ ਖਰਚਿਆਂ ’ਤੇ ਛੋਟ ਪ੍ਰਾਪਤ ਕਰਨ ਲਈ ਯੋਗ ਹੁੰਦਾ ਹੈ।

 

ਕੀ ਚੈਰਿਟੀ ਕੇਅਰ ਸਿਰਫ਼ ਹਸਪਤਾਲ ਦੀ ਦੇਖਭਾਲ 'ਤੇ ਹੀ ਲਾਗੂ ਹੁੰਦੀ ਹੈ? ਕਲੀਨਿਕ ਮੁਲਕਾਤਾਂ ਦਾ ਕੀ ਹੋਵੇਗਾ?

ਚੈਰਿਟੀ ਕੇਅਰ ਹਸਪਤਾਲ ਤੋਂ ਪ੍ਰਾਪਤ ਕੀਤੀ ਜਾਣ ਵਾਲੀ ਡਾਕਟਰੀ ਦੇਖਭਾਲ 'ਤੇ ਲਾਗੂ ਹੁੰਦੀ ਹੈ। ਹਾਲਾਂਕਿ, ਕਈ ਵਾਰ ਹਸਪਤਾਲ ਜੋ ਕਲੀਨਿਕਾਂ ਨਾਲ ਜੁੜੇ ਹੁੰਦੇ ਹਨ, ਉਹ ਕਲੀਨਿਕਾਂ ਤੱਕ ਆਪਣੀ ਚੈਰਿਟੀ ਕੇਅਰ ਨੀਤੀ ਦਾ ਵਿਸਤਾਰ ਕਰਦੇ ਹਨ। ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਇਸ ਬਾਰੇ ਉਹਨਾਂ ਤੋਂ ਪੁੱਛ ਸਕਦੇ ਹੋ।

 

ਕੀ ਇਸ ਵਿੱਚ ਹਸਪਤਾਲ ਦੀ ਐਮਰਜੈਂਸੀ ਵਿੱਚ ਜਾਣ, ਜਾਂ ਐਕਸ-ਰੇ ਕਰਵਾਉਣ ਜਾਂ ਇੱਕ ਦਿਨ ਵਿੱਚ ਹੋਣ ਵਾਲੇ ਇਲਾਜ ਲਈ ਕਵਰ ਮਿਲਦਾ ਹੈ?

ਚੈਰਿਟੀ ਕੇਅਰ ਹਸਪਤਾਲ ਤੋਂ ਪ੍ਰਾਪਤ ਕੀਤੀ ਜਾਣ ਵਾਲੀ ਡਾਕਟਰੀ ਦੇਖਭਾਲ 'ਤੇ ਲਾਗੂ ਹੁੰਦੀ ਹੈ। ਇਸ ਵਿੱਚ ਹਸਪਤਾਲ ਦੀ ਐਮਰਜੈਂਸੀ ਤੋਂ ਕਰਵਾਇਆ ਇਲਾਜ ਸ਼ਾਮਲ ਹੈ। ਇਸ ਵਿੱਚ ਹਸਪਤਾਲ ਵਿੱਚ ਕੀਤਾ ਗਿਆ ਕੋਈ ਵੀ ਹੋਰ ਸਕੈਨ, ਟੈਸਟ ਜਾਂ ਓਪਰੇਸ਼ਨ ਵੀ ਸ਼ਾਮਲ ਹੈ। ਚੈਰਿਟੀ ਕੇਅਰ ਉਹਨਾਂ ਡਾਕਟਰਾਂ ਜਾਂ ਹੋਰ ਪ੍ਰਦਾਤਾਵਾਂ ਦੇ ਬਿੱਲਾਂ ਨੂੰ ਕਵਰ ਨਹੀਂ ਕਰ ਸਕਦੀ ਜੋ ਹਸਪਤਾਲ ਵਿੱਚ ਕੰਮ ਨਹੀਂ ਕਰਦੇ ਹਨ।

 

ਕੀ ਚੈਰਿਟੀ ਕੇਅਰ ਸਿਰਫ਼ ਭਵਿੱਖ ਦੇ ਬਿੱਲਾਂ 'ਤੇ ਲਾਗੂ ਹੁੰਦੀ ਹੈ, ਜਾਂ ਇਹ ਪਿਛਲੇ ਬਿੱਲਾਂ 'ਤੇ ਵੀ ਲਾਗੂ ਹੁੰਦੀ ਹੈ?

ਚੈਰਿਟੀ ਕੇਅਰ ਭਵਿੱਖ ਦੀ ਦੇਖਭਾਲ ਅਤੇ ਪਿਛਲੇ ਬਿੱਲਾਂ ਦੋਵਾਂ 'ਤੇ ਲਾਗੂ ਹੁੰਦੀ ਹੈ, ਬਸ਼ਰਤੇ ਉਹ ਅਦਾਲਤ ਦੇ ਫੈਸਲੇ ਦੇ ਅਧੀਨ ਨਹੀਂ ਹਨ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਬਿੱਲ ਕਿੰਨੇ ਪੁਰਾਣੇ ਹਨ, ਜਾਂ ਉਹਨਾਂ ਨੂੰ ਵਸੂਲੀ ਲਈ ਭੇਜਿਆ ਗਿਆ ਹੈ ਜਾਂ ਨਹੀਂ। ਜੇ ਤੁਸੀਂ ਯੋਗ ਹੋ, ਤਾਂ ਚੈਰਿਟੀ ਕੇਅਰ ਤੁਹਾਡੇ ਹਸਪਤਾਲ ਦੇ ਬਿੱਲ ਉੱਤੇ ਲਾਗੂ ਹੋ ਸਕਦੀ ਹੈ।

 

"ਟੀਅਰ 1" ਅਤੇ "ਟੀਅਰ 2" ਵਿੱਚ ਕੀ ਫ਼ਰਕ ਹੈ?

ਵੱਡੇ, ਸ਼ਹਿਰੀ ਹਸਪਤਾਲ ਜਿਨ੍ਹਾਂ ਅਧੀਨ ਰਾਜ ਦੇ 80 ਪ੍ਰਤੀਸ਼ਤ ਬੈੱਡ ਆਉਂਦੇ ਹਨ, ਉਹਨਾਂ ਦਾ ਆਪਣਾ ਟੀਅਰ ਹੁੰਦਾ ਹੈ ਅਤੇ ਉਹਨਾਂ ਵਿੱਚ ਸਭ ਤੋਂ ਵੱਧ ਛੋਟ ਮਿਲਦੀ ਹੈ। ਅਸੀਂ ਇਹਨਾਂ ਵੱਡੇ ਹਸਪਤਾਲਾਂ ਨੂੰ ਟੀਅਰ 1 ਆਖਦੇ ਹਾਂ, ਅਤੇ ਲਗਭਗ 3 ਮਿਲੀਅਨ ਵਾਸ਼ਿੰਗਟਨ ਵਾਸੀਆਂ ਨੂੰ ਟੀਅਰ 1 ਹਸਪਤਾਲਾਂ ਵਿੱਚ ਮੁਫ਼ਤ ਦੇਖਭਾਲ ਪ੍ਰਾਪਤ ਹੋਵੇਗੀ, ਅਤੇ ਹੋਰ 1 ਮਿਲੀਅਨ ਵਾਸੀਆਂ ਨੂੰ ਦੇਖਭਾਲ ਦੇ ਖਰਚੇ ਉੱਤੇ ਛੋਟ ਮਿਲੇਗੀ। ਛੋਟੇ ਸੁਤੰਤਰ ਹਸਪਤਾਲ ਅਤੇ ਪੇਂਡੂ ਹਸਪਤਾਲ - ਜਿਹਨਾਂ ਅਧੀਨ ਰਾਜ ਦੇ ਸਿਰਫ਼ 20 ਪ੍ਰਤੀਸ਼ਤ ਬੈੱਡ ਆਉਂਦੇ ਹਨ - ਉਹ ਟੀਅਰ 2 ਵਿੱਚ ਹਨ, ਅਤੇ ਉਹਨਾਂ ਵਿੱਚ ਥੋੜ੍ਹੀ ਘੱਟ ਛੋਟ ਮਿਲਦੀ ਹੈ।

 

ਜਦੋਂ ਮੈਂ ਹਸਪਤਾਲ ਵਿੱਚ ਦਾਖਲ ਸੀ, ਉਦੋਂ ਮੈਨੂੰ 2 ਵੱਖ-ਵੱਖ ਬਿੱਲ ਮਿਲੇ ਸਨ - ਇੱਕ ਹਸਪਤਾਲ ਤੋਂ, ਅਤੇ ਇੱਕ ਡਾਕਟਰ ਤੋਂ। ਕੀ ਇਹਨਾਂ ਦੋਵਾਂ ਬਿੱਲਾਂ ਲਈ ਚੈਰਿਟੀ ਕੇਅਰ ਕਨੂੰਨ ਅਧੀਨ ਵਿੱਤੀ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ?

ਸਿਰਫ਼ ਹਸਪਤਾਲਾਂ ਲਈ ਚੈਰਿਟੀ ਕੇਅਰ ਪ੍ਰਦਾਨ ਕਰਨਾ ਜ਼ਰੂਰੀ ਹੈ। ਕਨੂੰਨ ਅਨੁਸਾਰ ਡਾਕਟਰ ਦੇ ਬਿੱਲ ਯੋਗ ਨਹੀਂ ਹਨ। ਹਾਲਾਂਕਿ, ਬਹੁਤ ਸਾਰੇ ਹਸਪਤਾਲ ਇਹ ਚਾਹੁੰਦੇ ਹਨ ਕਿ ਉਹਨਾਂ ਦੇ ਹਸਪਤਾਲਾਂ ਵਿੱਚ ਕੰਮ ਕਰਨ ਵਾਲੇ ਡਾਕਟਰ ਉਹਨਾਂ ਦੀਆਂ ਚੈਰਿਟੀ ਕੇਅਰ ਨੀਤੀਆਂ ਦਾ ਸਨਮਾਨ ਕਰਨ। ਆਪਣੇ ਹਸਪਤਾਲ ਨਾਲ ਸੰਪਰਕ ਕਰਕੇ ਪਤਾ ਕਰੋ ਕਿ ਕੀ ਉੱਥੇ ਅਜਿਹਾ ਹੁੰਦਾ ਹੈ।

 

ਜੇ ਮੇਰੇ ਕੋਲ ਇੱਕ ਘਰ ਹੈ ਜਾਂ ਮੇਰੇ ਕੋਲ ਰਿਟਾਇਰਮੈਂਟ ਖਾਤੇ ਹਨ। ਤਾਂ ਕੀ ਇਸ ਕਿਸਮ ਦੀਆਂ ਸੰਪੱਤੀਆਂ ਮੇਰੀ ਯੋਗਤਾ ਨੂੰ ਖਤਮ ਕਰ ਸਕਦੀਆਂ ਹਨ?

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ, ਚੈਰਿਟੀ ਕੇਅਰ ਯੋਗਤਾ ਦਾ ਮੁਲਾਂਕਣ ਕਰਦੇ ਸਮੇਂ ਹਸਪਤਾਲ ਤੁਹਾਡੀ ਮੁੱਖ ਰਿਹਾਇਸ਼ ਦੀ ਮਲਕੀਅਤ, ਜਾਂ ਇਸਦੇ ਮੁੱਲ 'ਤੇ ਵਿਚਾਰ ਨਹੀਂ ਕਰ ਸਕਦਾ, ਇਸ ਲਈ ਨਿੱਜੀ ਘਰ ਦੀ ਮਲਕੀਅਤ ਦਾ ਚੈਰਿਟੀ ਕੇਅਰ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਹਸਪਤਾਲ ਯੋਗਤਾ ਦਾ ਮੁਲਾਂਕਣ ਕਰਨ ਲਈ ਕੁਝ ਸੰਪੱਤੀਆਂ 'ਤੇ ਵਿਚਾਰ ਕਰ ਸਕਦੇ ਹਨ, ਪਰ ਥ੍ਰੈਸ਼ਹੋਲਡ ਕਾਫ਼ੀ ਉੱਚੇ ਹਨ ਅਤੇ ਜ਼ਿਆਦਾਤਰ ਖਪਤਕਾਰ ਜੋ ਚੈਰਿਟੀ ਕੇਅਰ ਲਈ ਆਮਦਨ ਅਨੁਸਾਰ ਯੋਗ ਹਨ, ਉਹਨਾਂ ਨੂੰ ਸੰਪੱਤੀ ਦੇ ਆਧਾਰ 'ਤੇ ਬਾਹਰ ਨਹੀਂ ਰੱਖਿਆ ਜਾਵੇਗਾ।

 

ਕੀ ਚੈਰਿਟੀ ਕੇਅਰ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਨੂੰ ਵੀ ਕਵਰ ਕਰਦੀ ਹੈ?

ਚੈਰਿਟੀ ਕੇਅਰ ਹਸਪਤਾਲ ਤੋਂ ਪ੍ਰਾਪਤ ਕੀਤੀ ਜਾਣ ਵਾਲੀ ਡਾਕਟਰੀ ਦੇਖਭਾਲ 'ਤੇ ਲਾਗੂ ਹੁੰਦੀ ਹੈ। ਯੋਗਤਾ ਕਿਸੇ ਖਾਸ ਬਿਮਾਰੀ ਦੇ ਅਧਾਰ ’ਤੇ ਨਿਰਧਾਰਤ ਨਹੀਂ ਕੀਤੀ ਜਾਂਦੀ। ਹਾਲਾਂਕਿ, ਕਈ ਵਾਰ ਹਸਪਤਾਲ ਜੋ ਕਲੀਨਿਕਾਂ ਨਾਲ ਜੁੜੇ ਹੁੰਦੇ ਹਨ, ਉਹ ਕਲੀਨਿਕਾਂ ਤੱਕ ਆਪਣੀ ਚੈਰਿਟੀ ਕੇਅਰ ਨੀਤੀ ਦਾ ਵਿਸਤਾਰ ਕਰਦੇ ਹਨ। ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਇਸ ਬਾਰੇ ਉਹਨਾਂ ਤੋਂ ਪੁੱਛ ਸਕਦੇ ਹੋ।

 

ਕੀ ਇਹ ਵਧੀ ਹੋਈ ਛੋਟ ਹਸਪਤਾਲਾਂ ਲਈ ਵਿੱਤੀ ਮੁਸ਼ਕਲਾਂ ਪੈਦਾ ਕਰਨਗੀਆਂ?

ਓਰੇਗਨ ਨੇ 2019 ਵਿੱਚ ਇਸੇ ਤਰ੍ਹਾਂ ਦਾ ਚੈਰਿਟੀ ਕੇਅਰ ਕਨੂੰਨ ਪਾਸ ਕੀਤਾ ਸੀ। ਸਾਡੀ ਕਾਨੂੰਨੀ ਟੀਮ ਨੇ ਓਰੇਗਨ ਦੀ ਸਿਹਤ ਅਥਾਰਟੀ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਅਜਿਹੀ ਕੋਈ ਸਥਿਤੀ ਦੇਖਣ ਨੂੰ ਨਹੀਂ ਮਿਲੀ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਚੈਰਿਟੀ ਕੇਅਰ ਦੇ ਨਿਯਮਾਂ ਕਾਰਨ ਹਸਪਤਾਲਾਂ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਅਸੀਂ ਇਹ ਵੀ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਜ਼ਿਆਦਾਤਰ ਮਾਮਲਿਆਂ ਵਿੱਚ ਮਰੀਜ਼ ਦੇ ਪੂਰੇ ਮੈਡੀਕਲ ਬਿੱਲ ਦੀ ਨਹੀਂ, ਬਲਕਿ ਜੇਬ ਵਿੱਚੋਂ ਹੋਣ ਵਾਲੇ ਮੈਡੀਕਲ ਖਰਚਿਆਂ ਬਾਰੇ ਗੱਲ ਕਰ ਰਹੇ ਹਾਂ। ਹਸਪਤਾਲਾਂ ਨੂੰ ਅਜੇ ਵੀ ਮਰੀਜ਼ ਦੇ ਸਿਹਤ ਬੀਮੇ ਜਾਂ Medicaid ਤੋਂ ਭੁਗਤਾਨ ਪ੍ਰਾਪਤ ਹੋਵੇਗਾ।

 

ਕੋਈ ਮਰੀਜ਼ ਇਹ ਕਿਵੇਂ ਪਤਾ ਲਗਾ ਸਕਦਾ ਹੈ ਕਿ ਉਹ ਵਾਸ਼ਿੰਗਟਨ ਦੇ ਚੈਰਿਟੀ ਕੇਅਰ ਕਨੂੰਨ ਦੇ ਅਧੀਨ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਯੋਗ ਹੈ ਜਾਂ ਨਹੀਂ?

ਉੱਪਰ ਦਿੱਤਾ ਕੈਲਕੁਲੇਟਰ ਤੁਹਾਨੂੰ ਦੱਸ ਸਕਦਾ ਹੈ ਕਿ ਤੁਸੀਂ ਯੋਗ ਹੋ ਜਾਂ ਨਹੀਂ, ਪਰ ਸਰਲ ਜਵਾਬ ਇਹ ਹੈ ਕਿ ਤੁਸੀਂ ਇਸ ਬਾਰੇ ਆਪਣੇ ਹਸਪਤਾਲ ਨੂੰ ਪੁੱਛੋ। ਪਰ ਮਰੀਜ਼ਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਰਾਜ ਦੇ ਕਨੂੰਨ ਦੇ ਅਧੀਨ, ਹਸਪਤਾਲਾਂ ਨੂੰ ਜ਼ਬਾਨੀ ਅਤੇ ਲਿਖਤੀ ਰੂਪ ਵਿੱਚ ਮਰੀਜ਼ਾਂ ਨੂੰ ਚੈਰਿਟੀ ਕੇਅਰ ਦੀ ਉਪਲਬਧਤਾ ਦਾ ਨੋਟਿਸ ਪ੍ਰਦਾਨ ਕਰਨ ਦੀ ਲੋੜ ਹੁੰਦੀ ਹੈ ਅਤੇ ਮਰੀਜ਼ਾਂ ਤੋਂ ਉਹਨਾਂ ਦੀ ਜੇਬ ਵਿੱਚੋਂ ਹੋਣ ਵਾਲੇ ਖਰਚਿਆਂ ਦਾ ਭੁਗਤਾਨ ਲੈਣ ਤੋਂ ਪਹਿਲਾਂ ਚੈਰਿਟੀ ਕੇਅਰ ਯੋਗਤਾ ਲਈ ਸਕ੍ਰੀਨਿੰਗ ਕਰਵਾਉਣ ਦੀ ਲੋੜ ਹੁੰਦੀ ਹੈ। 

 

ਜੇ ਘਰ ਵਿੱਚ ਮੇਰੇ ਨਾਲ ਮੇਰੇ ਬੱਚੇ ਜਾਂ ਪਰਿਵਾਰ ਦੇ ਹੋਰ ਮੈਂਬਰ ਵੀ ਰਹਿੰਦੇ ਹਨ, ਜੋ ਬਾਲਗ ਹਨ, ਤਾਂ ਕੀ ਹੋਵੇਗਾ? ਸਾਡੀ ਯੋਗਤਾ ਕਿਵੇਂ ਨਿਰਧਾਰਤ ਕੀਤੀ ਜਾਵੇਗੀ?

ਚੈਰਿਟੀ ਕੇਅਰ ਦੇ ਨਿਯਮਾਂ ਅਨੁਸਾਰ, "ਜਨਮ, ਵਿਆਹ, ਜਾਂ ਗੋਦ ਲੈਣ ਨਾਲ ਆਪਸ ਵਿੱਚ ਸੰਬੰਧਿਤ ਦੋ ਜਾਂ ਵੱਧ ਵਿਅਕਤੀਆਂ ਦਾ ਸਮੂਹ ਜੋ ਇਕੱਠੇ ਰਹਿੰਦਾ ਹੈ" ਉਸਨੂੰ ਪਰਿਵਾਰ ਆਖਦੇ ਹਨ। ਇਸਦਾ ਮਤਲਬ ਹੈ ਕਿ ਇਕੱਠੇ ਰਹਿਣ ਵਾਲੇ ਬਾਲਗ ਪਰਿਵਾਰਕ ਮੈਂਬਰਾਂ ਦੀ ਆਮਦਨ ਨੂੰ ਚੈਰਿਟੀ ਕੇਅਰ ਦੀ ਅਰਜ਼ੀ ਵਿੱਚ ਵਿਚਾਰਿਆ ਜਾ ਸਕਦਾ ਹੈ। ਆਪਣੀ ਚੈਰਿਟੀ ਕੇਅਰ ਦੀ ਅਰਜ਼ੀ ਵਿੱਚ ਹਸਪਤਾਲ ਨੂੰ ਹਮੇਸ਼ਾ ਆਪਣੀ ਵਿਅਕਤੀਗਤ ਸਥਿਤੀ ਬਾਰੇ ਜ਼ਰੂਰ ਦੱਸੋ ਕਿਉਂਕਿ ਹਸਪਤਾਲ ਵਿਅਕਤੀਗਤ ਸਥਿਤੀਆਂ ਦੇ ਆਧਾਰ 'ਤੇ ਕੁਝ ਅਲੱਗ ਤੈਅ ਕਰ ਸਕਦੇ ਹਨ।

 

ਜੇ ਹਸਪਤਾਲ ਰਾਜ ਦੇ ਚੈਰਿਟੀ ਕੇਅਰ ਕਨੂੰਨ ਦੀ ਪਾਲਣਾ ਨਹੀਂ ਕਰਦੇ ਤਾਂ ਕੀ ਹੋਵੇਗਾ?

ਅਸੀਂ ਲੋਕਾਂ ਤੋਂ ਸੁਣਨਾ ਚਾਹੁੰਦੇ ਹਾਂ ਕਿ ਕੀ ਉਨ੍ਹਾਂ ਨੂੰ ਕੋਈ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਸਾਡੇ ਕੋਲ ਵਕੀਲਾਂ ਦੀ ਇੱਕ ਟੀਮ ਹੈ ਜੋ ਇਸ ਮਸਲੇ ਨੂੰ ਦੇਖ ਰਹੀ ਹੈ, ਅਤੇ ਮੈਂ ਅਜਿਹੇ ਹਸਪਤਾਲਾਂ ਦੇ ਖਿਲਾਫ਼ ਕੇਸ ਵੀ ਦਰਜ ਕਰਵਾਏ ਹਨ ਜਿਹੜੇ ਹਸਪਤਾਲ ਘੱਟ-ਆਮਦਨੀ ਵਾਲੇ ਯੋਗ ਵਾਸ਼ਿੰਗਟਨ ਵਾਸੀਆਂ ਨੂੰ ਉਹ ਛੋਟ ਨਹੀਂ ਦੇ ਰਹੇ ਹਨ ਜਿਸ ਦੇ ਉਹ ਕਨੂੰਨੀ ਤੌਰ 'ਤੇ ਹੱਕਦਾਰ ਹਨ। ਜੇ ਹਸਪਤਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕਰਦੇ ਤਾਂ ਅਸੀਂ ਕਾਰਵਾਈ ਕਰਨ ਲਈ ਤਿਆਰ ਹਾਂ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਹਸਪਤਾਲ ਕਨੂੰਨ ਦੀ ਪਾਲਣਾ ਨਹੀਂ ਕਰ ਰਿਹਾ ਹੈ, ਤਾਂ ਸਾਡੇ ਕੋਲ https://www.atg.wa.gov/file-complaint 'ਤੇ ਸ਼ਿਕਾਇਤ ਦਰਜ ਕਰੋ।

 

ਵਾਸ਼ਿੰਗਟਨ ਕਿੰਨੇ ਸਮੇਂ ਤੋਂ ਵਿੱਤੀ ਸਹਾਇਤਾ ਦੇਣ ਵਾਲੇ ਹਸਪਤਾਲਾਂ ਦੀ ਸੇਵਾ ਪ੍ਰਦਾਨ ਕਰ ਰਿਹਾ ਹੈ?

ਵਾਸ਼ਿੰਗਟਨ ਦਾ ਅਸਲ ਚੈਰਿਟੀ ਕੇਅਰ ਕਾਨੂੰਨ 1989 ਵਿੱਚ ਪਾਸ ਹੋਇਆ ਸੀ, ਇਸ ਲਈ ਇਹ ਸਹਾਇਤਾ 3 ਤੋਂ ਵੱਧ ਦਹਾਕਿਆਂ ਤੋਂ ਵਾਸ਼ਿੰਗਟਨ ਦੇ ਮਰੀਜ਼ਾਂ ਲਈ ਉਪਲਬਧ ਹੈ।

 

ਬਹੁਤ ਸਾਰੇ ਅਮਰੀਕੀ ਵਾਸੀਆਂ ਲਈ ਮੈਡੀਕਲ ਕਰਜ਼ਾ ਇੱਕ ਗੰਭੀਰ ਮਸਲਾ ਹੈ, ਕੀ ਇਹ ਸੱਚ ਹੈ?

ਬਿਲਕੁਲ। ਦੇਸ਼ ਭਰ ਵਿੱਚ, ਦਿਵਾਲੀਆ ਹੋਏ ਲਗਭਗ ਦੋ-ਤਿਹਾਈ ਲੋਕਾਂ ਨੇ ਮੈਡੀਕਲ ਸੰਬੰਧੀ ਮਸਲਿਆਂ ਨੂੰ ਦਿਵਾਲੀਆ ਹੋਣ ਦਾ ਮੁੱਖ ਕਾਰਨ ਦੱਸਿਆ ਹੈ, ਅਤੇ ਕ੍ਰੈਡਿਟ ਰਿਪੋਰਟਾਂ ਵਿੱਚ ਮੌਜੂਦ ਵਸੂਲੀ ਦੀਆਂ ਅੱਧ ਤੋਂ ਵੱਧ ਆਈਟਮਾਂ ਮੈਡੀਕਲ ਕਰਜ਼ਿਆਂ ਨਾਲ ਸੰਬੰਧਿਤ ਹਨ। ਦੇਖਭਾਲ ਤੱਕ ਪਹੁੰਚ ਨਿਰਪੱਖਤਾ ਦਾ ਮੁੱਦਾ ਵੀ ਹੈ। ਗੈਰ-ਗੋਰੇ ਲੋਕਾਂ ਵਿੱਚੋਂ ਬਹੁਤ ਘੱਟ ਲੋਕਾਂ ਦੇ ਕੋਲ ਬੀਮਾ ਹੈ, ਅਤੇ ਉਹਨਾਂ ਨੂੰ ਗੰਭੀਰ ਅਤੇ ਅਚਾਨਕ ਹੋਣ ਵਾਲੇ ਮੈਡੀਕਲ ਖਰਚਿਆਂ ਦਾ ਖ਼ਤਰਾ ਵੀ ਵੱਧ ਹੈ।