12 ਅਗਸਤ, 2025
ਸੀਏਟਲ —ਵਾਸ਼ਿੰਗਟਨ ਨੇ ਰਾਜ ਦੀਆਂ ਤਿੰਨ ਕਾਉਂਟੀਆਂ ਵਿੱਚ ਨਫ਼ਰਤ ਅਧਾਰਿਤ ਅਪਰਾਧਾਂ ਅਤੇ ਪੱਖਪਾਤ ਦੀਆਂ ਘਟਨਾਵਾਂ ਲਈ ਇੱਕ ਹੌਟਲਾਈਨ ਪਾਇਲਟ ਸ਼ੁਰੂ ਕੀਤਾ ਹੈ। Federal Bureau of Investigation (FBI, ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ) ਦੇ ਅਨੁਸਾਰ, 2018 ਤੋਂ, ਸਭ ਤੋਂ ਵੱਧ ਨਫ਼ਰਤ ਅਧਾਰਿਤ ਅਪਰਾਧ ਦੀਆਂ ਰਿਪੋਰਟਾਂ ਦਰਜ ਕਰਨ ਵਾਲੇ ਚੋਟੀ ਦੇ ਪੰਜ ਰਾਜਾਂ ਵਿੱਚੋਂ ਇੱਕ ਰਾਜ ਵਾਸ਼ਿੰਗਟਨ ਹੈ। ਗੈਰ-ਐਮਰਜੈਂਸੀ ਹੌਟਲਾਈਨ ਕਲਾਰਕ, ਕਿੰਗ ਅਤੇ ਸਪੋਕੇਨ ਕਾਉਂਟੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਨਫ਼ਰਤ ਅਧਾਰਿਤ ਅਪਰਾਧਾਂ ਜਾਂ ਪੱਖਪਾਤ ਦੀਆਂ ਘਟਨਾਵਾਂ ਦੀ ਰਿਪੋਰਟ ਕਰਨ ਦਾ ਇੱਕ ਵਿਕਲਪਕ ਤਰੀਕਾ ਪ੍ਰਦਾਨ ਕਰਦੀ ਹੈ।
ਨਫ਼ਰਤ ਅਧਾਰਿਤ ਅਪਰਾਧ ਅਤੇ ਪੱਖਪਾਤ ਦੀਆਂ ਘਟਨਾਵਾਂ ਦੇ ਕਾਰਨ ਲੋਕਾਂ, ਪਰਿਵਾਰਾਂ ਅਤੇ ਭਾਈਚਾਰਿਆਂ ਉੱਤੇ ਗੰਭੀਰ ਅਤੇ ਲੰਬੇ ਸਮੇਂ ਤੱਕ ਅਸਰ ਕਰਨ ਵਾਲਾ ਪ੍ਰਭਾਵ ਪੈਂਦਾ ਹੈ, ਜਿਸ ਕਾਰਨ ਲੋਕ ਜਿੱਥੇ ਰਹਿੰਦੇ ਹਨ ਉੱਥੇ ਅਣਚਾਹਿਆ ਜਾਂ ਅਸੁਰੱਖਿਅਤ ਮਹਿਸੂਸ ਕਰਨ ਲੱਗ ਜਾਂਦੇ ਹਨ। ਹੌਟਲਾਈਨ ਦੇ ਸਟਾਫ ਵੱਲੋਂ ਕਾਲ ਕਰਨ ਵਾਲਿਆਂ ਨੂੰ ਸਥਾਨਕ, ਸੱਭਿਆਚਾਰਕ ਤੌਰ 'ਤੇ ਢੁਕਵੀਂਆਂ, ਪੀੜਤ-ਕੇਂਦਰਿਤ ਅਤੇ ਟਰੌਮਾ ਬਾਰੇ ਜਾਣਕਾਰ ਸਹਾਇਤਾ ਸੇਵਾਵਾਂ ਲੱਭਣ ਵਿੱਚ ਮਦਦ ਕੀਤੀ ਜਾਵੇਗੀ ਅਤੇ ਉਹ ਕਾਲ ਕਰਨ ਵਾਲੇ ਦੀ ਸਹਿਮਤੀ ਦੇ ਨਾਲ, ਘਟਨਾਵਾਂ ਦੀ ਰਿਪੋਰਟ ਸਥਾਨਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਕਰਨ ਵਿੱਚ ਵੀ ਸਹਾਇਤਾ ਕਰ ਸਕਦੇ ਹਨ।
ਹੌਟਲਾਈਨ 1-855-225-1010 'ਤੇ ਕਾਲ ਕਰਕੇ ਉਪਲਬਧ ਹੈ। ਕੋਈ ਵੀ ਵਿਅਕਤੀ ਜੋ ਤਿੰਨ ਪਾਇਲਟ ਕਾਉਂਟੀਆਂ ਵਿੱਚ ਨਫ਼ਰਤ ਅਧਾਰਿਤ ਅਪਰਾਧ ਜਾਂ ਪੱਖਪਾਤ ਦੀ ਘਟਨਾ ਦੀ ਰਿਪੋਰਟ ਕਰਨਾ ਚਾਹੁੰਦਾ ਹੈ, ਉਹ atg.wa.gov/report-hate 'ਤੇ ਵੀ ਜਾ ਸਕਦਾ ਹੈ।
Legislature (ਵਿਧਾਨ ਸਭਾ) ਨੇ ਸਾਲ 2024 ਵਿੱਚ ਇਹ ਹੌਟਲਾਈਨ ਬਣਾਈ ਸੀ, ਜਦੋਂ ਉਹਨਾਂ ਨੇ ਦੋ-ਪੱਖਾਂ ਦੇ ਸਮਰਥਨ ਦੇ ਨਾਲ Senate Bill (ਸੈਨੇਟ ਬਿੱਲ) 5427 (ਅੰਗਰੇਜ਼ੀ) ਨੂੰ ਅਪਣਾਇਆ ਸੀ। ਬਿੱਲ ਦੇ ਲਈ ਇੱਕ ਪਾਇਲਟ ਪ੍ਰੋਗਰਾਮ ਲੋੜੀਂਦਾ ਸੀ, ਜਿਸ ਵਿੱਚ ਪੂਰਬੀ ਵਾਸ਼ਿੰਗਟਨ ਦੀ ਇੱਕ ਕਾਉਂਟੀ ਸਮੇਤ — ਵਾਸ਼ਿੰਗਟਨ ਰਾਜ ਦੀਆਂ ਤਿੰਨ ਕਾਉਂਟੀਆਂ ਵਿੱਚ ਹੌਟਲਾਈਨ ਦਾ ਪ੍ਰਬੰਧਨ Attorney General’s Office (ਵਾਸ਼ਿੰਗਟਨ ਅਟਾਰਨੀ ਜਨਰਲ ਦੇ ਦਫ਼ਤਰ) ਦੁਆਰਾ ਕੀਤਾ ਜਾਣਾ ਸੀ। ਇਹਨਾਂ ਤਿੰਨ ਕਾਉਂਟੀਆਂ ਦੀ ਚੋਣ 2023 ਦੀ Washington Association of Sheriffs and Police Chiefs ਦੀ Annual Crime Report (ਸਾਲਾਨਾ ਅਪਰਾਧ ਰਿਪੋਰਟ) ਵਿੱਚ ਉਪਲਬਧ ਨਫ਼ਰਤ ਅਧਾਰਿਤ ਅਪਰਾਧ ਦੇ ਡੇਟਾ ਅਤੇ ਕਾਉਂਟੀਆਂ ਦੀ ਜਨਸੰਖਿਆ ਦੇ ਅੰਕੜਿਆਂ ਦੇ ਆਧਾਰ 'ਤੇ ਕੀਤੀ ਗਈ ਸੀ।
ਇਹ ਪਾਇਲਟ ਪ੍ਰੋਗਰਾਮ ਡੇਢ ਸਾਲ ਤੱਕ ਚੱਲਦਾ ਰਹੇਗਾ, ਫਿਰ ਜਨਵਰੀ 2027 ਤੱਕ ਪੂਰੇ ਰਾਜ ਵਿੱਚ ਹੌਟਲਾਈਨ ਸ਼ੁਰੂ ਕਰ ਦਿੱਤੀ ਜਾਵੇਗੀ। ਨਫ਼ਰਤ ਅਧਾਰਿਤ ਅਪਰਾਧਾਂ ਅਤੇ ਪੱਖਪਾਤ ਦੀਆਂ ਘਟਨਾਵਾਂ ਦੀ ਰਿਪੋਰਟ ਘੱਟ ਹੀ ਕੀਤੀ ਜਾਂਦੀ ਹੈ ਅਤੇ ਉਹਨਾਂ ਘਟਨਾਵਾਂ ਦੇ ਹੋਣ ਬਾਰੇ ਅੰਕੜੇ ਵੀ ਸੀਮਤ ਹਨ। 1 ਜੁਲਾਈ, 2027 ਤੋਂ, Attorney General’s Office, ਨਫ਼ਰਤ ਅਧਾਰਿਤ ਅਪਰਾਧਾਂ ਅਤੇ ਪੱਖਪਾਤ ਦੀਆਂ ਘਟਨਾਵਾਂ ਬਾਰੇ ਗਵਰਨਰ, ਰਾਜ ਦੀ Legislature ਅਤੇ ਜਨਤਾ ਦੇ ਲਈ ਇੱਕ ਸਾਲਾਨਾ ਰਿਪੋਰਟ ਤਿਆਰ ਕਰੇਗਾ, ਜਿਸ ਵਿੱਚ ਹੌਟਲਾਈਨ ਉੱਤੇ ਮਿਲੀਆਂ ਰਿਪੋਰਟਾਂ ਤੋਂ ਇਕੱਤਰ ਕੀਤੇ ਗਏ ਡੇਟਾ ਦਾ ਵਰਣਨ ਹੋਵੇਗਾ।
ਅਟਾਰਨੀ ਜਨਰਲ Nick Brown ਨੇ ਕਿਹਾ ਕਿ "ਨਫ਼ਰਤ ਅਧਾਰਿਤ ਅਪਰਾਧ ਦੇ ਨਾਲ ਨਾ ਸਿਰਫ਼ ਵਿਅਕਤੀਆਂ ਨੂੰ ਸਿੱਧੇ ਤੌਰ 'ਤੇ ਨੁਕਸਾਨ ਪਹੁੰਚਦਾ ਹੈ, ਸਗੋਂ ਪੂਰੇ ਭਾਈਚਾਰੇ ਵਿੱਚ ਕਸ਼ਟ ਦੀ ਭਾਵਨਾ ਪੈਦਾ ਹੁੰਦੀ ਨੁਕਸਾਨ ਪਹੁੰਚ ਸਕਦਾ ਹੈ। ਇਹਨਾਂ ਤਿੰਨ ਕਾਉਂਟੀਆਂ ਵਿੱਚ ਸਫਲਤਾ ਮਿਲਣ ਨਾਲ ਸਾਨੂੰ ਪੂਰੇ ਰਾਜ ਵਿੱਚ ਹੌਟਲਾਈਨ ਦਾ ਵਿਸਥਾਰ ਕਰਨ ਅਤੇ ਵਾਸ਼ਿੰਗਟਨ ਵਿੱਚ ਨਫ਼ਰਤ ਅਧਾਰਿਤ ਅਪਰਾਧਾਂ ਅਤੇ ਪੱਖਪਾਤ ਦੀਆਂ ਘਟਨਾਵਾਂ ਨਾਲ ਕਿਵੇਂ ਨਜਿੱਠਣਾ ਹੈ, ਇਸ ਗੱਲ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਮਿਲੇਗੀ।"
ਹੌਟਲਾਈਨ ਪਾਇਲਟ ਦੇ ਸ਼ੁਰੂ ਹੋਣ 'ਤੇ ਸਲਾਹਕਾਰ ਗਰੁੱਪ ਦੇ ਮੈਂਬਰਾਂ ਅਤੇ ਸਥਾਨਕ ਅਧਿਕਾਰੀਆਂ ਨੇ ਹੇਠ ਲਿਖੇ ਬਿਆਨ ਦਿੱਤੇ ਹਨ:
ਹੌਟਲਾਈਨ ਬਣਾਉਣ ਵਾਲੇ ਕਾਨੂੰਨ ਨੂੰ ਸਪਾਂਸਰ ਕਰਨ ਵਾਲੇ ਸੈਨੇਟਰ Javier Valdez, D-Seattle ਨੇ ਕਿਹਾ ਕਿ “ਨਫ਼ਰਤ ਅਧਾਰਿਤ ਅਪਰਾਧ ਉੱਤੇ ਬਣੇ ਸਾਡੇ ਕਾਨੂੰਨ ਨੂੰ 2019 ਵਿੱਚ ਬਦਲ ਕੇ ਅਸੀਂ ਇੱਕ ਮਹੱਤਵਪੂਰਨ ਕਦਮ ਚੁੱਕਿਆ ਸੀ — ਪਰ ਨਫ਼ਰਤ ਅਤੇ ਪੱਖਪਾਤ ਦੀਆਂ ਘਟਨਾਵਾਂ ਵਿੱਚ ਹੋ ਰਿਹਾ ਵਾਧਾ ਇਹ ਦਰਸਾਉਂਦਾ ਹੈ ਕਿ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਇਸੇ ਕਰਕੇ ਇਹ ਹੌਟਲਾਈਨ ਬਹੁਤ ਜ਼ਰੂਰੀ ਹੈ। ਇਹ ਸਿਰਫ਼ ਨੀਤੀ ਬਾਰੇ ਨਹੀਂ ਹੈ — ਇਹ ਲੋਕਾਂ ਦੇ ਭਲੇ ਲਈ ਹੈ।" ਇਸਦਾ ਉਦੇਸ਼ ਇਹ ਪੱਕਾ ਕਰਨਾ ਹੈ ਕਿ ਹਰੇਕ ਪੀੜਤ ਦੀ ਗੱਲ ਸੁਣੀ ਜਾਵੇ ਅਤੇ ਉਸਦੀ ਸਹਾਇਤਾ ਕੀਤੀ ਜਾਵੇ।
ਕਿੰਗ ਕਾਉਂਟੀ ਦੇ ਕੌਂਸਲ ਪ੍ਰਧਾਨ Girmay Zahilay ਨੇ ਕਿਹਾ ਕਿ “ਇੱਕ ਅਜਿਹੇ ਸਮੇਂ ਵਿੱਚ ਜਦੋਂ ਇੱਕ ਵਿਰੋਧੀ ਫੈਡਰਲ ਪ੍ਰਸ਼ਾਸਨ ਕਮਜ਼ੋਰ ਭਾਈਚਾਰਿਆਂ ਦੇ ਵਿਰੁੱਧ ਕੱਟੜਤਾ ਨੂੰ ਹਵਾ ਦੇ ਰਿਹਾ ਹੈ, ਕਿੰਗ ਕਾਉਂਟੀ ਵਿੱਚ ਬਹੁਤ ਸਾਰੇ ਲੋਕ ਡਰ ਅਤੇ ਦੁਚਿੱਤੀ ਵਿੱਚ ਜੀਵਨ ਬੀਤਾ ਰਹੇ ਹਨ। ਮੈਨੂੰ ਮਾਣ ਹੈ ਕਿ ਮੈਨੂੰ ਇਸ ਪਹਿਲਕਦਮੀ ਵਿੱਚ Attorney General’s Office ਨਾਲ ਜੁੜਨ ਦਾ ਮੌਕਾ ਮਿਲਿਆ ਹੈ ਅਤੇ ਮੈਂ ਇਸ ਸ਼ੁਰੂਆਤ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਭਾਈਚਾਰੇ ਦੇ ਲੀਡਰਾਂ ਦਾ ਧੰਨਵਾਦੀ ਹਾਂ। ਅਸੀਂ ਇਕੱਠੇ, ਨਫ਼ਰਤ ਦੇ ਵਿਰੁੱਧ ਇੱਕਜੁੱਟ ਹੋ ਕੇ ਖੜ੍ਹਾਂਗੇ।"
"ਸਪੋਕੇਨ ਦੀ ਮੇਅਰ Lisa Brown ਨੇ ਕਿਹਾ ਕਿ "ਸਪੋਕੇਨ ਨਵੀਂ Hate Crimes & Bias Incidents Hotline (ਨਫ਼ਰਤ ਅਧਾਰਿਤ ਅਪਰਾਧਾਂ ਅਤੇ ਪੱਖਪਾਤ ਦੀਆਂ ਘਟਨਾਵਾਂ ਲਈ ਹੌਟਲਾਈਨ) ਦੀ ਸ਼ੁਰੂਆਤ ਦਾ ਸਵਾਗਤ ਕਰਦਾ ਹੈ ਅਤੇ ਤਿੰਨ ਮੁੱਖ ਟੈਸਟਿੰਗ ਸਥਾਨਾਂ ਵਿੱਚੋਂ ਇੱਕ ਹੋਣ 'ਤੇ ਮਾਣ ਮਹਿਸੂਸ ਕਰਦਾ ਹੈ। ਇਸਦੇ ਵਿਕਾਸ ਦੇ ਦੌਰਾਨ ਸਾਡਾ Office of Civil Rights, Equity, and Inclusion (ਸਿਵਲ ਰਾਈਟਸ, ਇਕੁਇਟੀ ਅਤੇ ਇਨਕਲੂਜ਼ਨ ਦਾ ਆਫਿਸ) ਅਟਾਰਨੀ ਜਨਰਲ ਦੀ ਟੀਮ ਦੇ ਸੰਪਰਕ ਵਿੱਚ ਰਿਹਾ ਹੈ ਅਤੇ ਰਿਪੋਰਟਿੰਗ ਨੂੰ ਬਿਹਤਰ ਬਣਾਉਣ ਅਤੇ ਆਪਣੇ ਭਾਈਚਾਰੇ ਵਿੱਚ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਅਸੀਂ ਇਸਨੂੰ ਇੱਕ ਮਹੱਤਵਪੂਰਨ ਟੂਲ ਦੇ ਰੂਪ ਵਿੱਚ ਦੇਖਦੇ ਹਾਂ।"
ਸਪੋਕੇਨ ਕਾਉਂਟੀ ਦੀ ਕਮਿਸ਼ਨਰ Amber Waldref ਨੇ ਕਿਹਾ ਕਿ “ਮੈਨੂੰ ਮਾਣ ਹੈ ਕਿ ਸਪੋਕੇਨ ਕਾਉਂਟੀ Hate Crimes Hotline ਪਾਇਲਟ ਪ੍ਰੋਗਰਾਮ ਰਾਹੀਂ ਇੱਕ ਮੋਹਰੀ ਭੂਮਿਕਾ ਨਿਭਾ ਰਹੀ ਹੈ। ਮੈਨੂੰ ਉਮੀਦ ਹੈ ਕਿ ਇਹ ਟੂਲ ਵਸਨੀਕਾਂ ਲਈ ਸੰਭਾਵੀ ਨਫ਼ਰਤ ਅਧਾਰਿਤ ਅਪਰਾਧਾਂ ਨੂੰ ਰਿਪੋਰਟ ਕਰਨ ਦਾ ਇੱਕ ਨਵਾਂ ਮੌਕਾ ਪੈਦਾ ਕਰੇਗਾ, ਜਿਸ ਨਾਲ ਸਾਡੇ ਭਾਈਚਾਰੇ ਵਿੱਚ ਸਾਰਿਆਂ ਲਈ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।”
ਕਲਾਰਕ ਕਾਉਂਟੀ ਦੇ ਸ਼ੈਰਿਫ਼ John Horch ਨੇ ਕਿਹਾ ਕਿ “ਇਹ ਹੌਟਲਾਈਨ ਇਹ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ ਕਿ ਲੋਕ ਨਫ਼ਰਤ ਅਧਾਰਿਤ ਅਪਰਾਧਾਂ ਦੀ ਰਿਪੋਰਟ ਕਰਨ ਵੇਲੇ ਸੁਰੱਖਿਅਤ ਮਹਿਸੂਸ ਕਰਨ। ਅਸੀਂ ਚਾਹੁੰਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਸਭ ਨੂੰ ਇਹ ਪਤਾ ਹੋਵੇ ਕਿ ਉਹਨਾਂ ਦੀ ਆਵਾਜ਼ ਮਾਇਨੇ ਰੱਖਦੀ ਹੈ ਅਤੇ ਉਹਨਾਂ ਲਈ ਮਦਦ ਉਪਲਬਧ ਹੈ।"
HAPPEN Business Resource Group ਦੇ ਸਹਿ-ਪ੍ਰਧਾਨ Thanh Tran ਨੇ ਕਿਹਾ ਕਿ “ਏਸ਼ੀਆਈ ਲੋਕਾਂ, ਹਵਾਈ ਦੇ ਮੂਲ ਨਿਵਾਸੀ ਅਤੇ ਪੈਸੀਫਿਕ ਆਈਲੈਂਡ ਦੇ ਭਾਈਚਾਰੇ ਸੈਂਕੜਾਂ ਸਾਲਾਂ ਤੋਂ ਨਫ਼ਰਤ ਅਧਾਰਿਤ ਅਪਰਾਧ ਅਤੇ ਪੱਖਪਾਤ ਦੀਆਂ ਘਟਨਾਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਮਹਾਂਮਾਰੀ ਦੇ ਦੌਰਾਨ ਇਹਨਾਂ ਘਟਨਾਵਾਂ ਵਿੱਚ ਹੋਰ ਵੀ ਵਾਧਾ ਹੋ ਗਿਆ ਸੀ। ਇਹ ਘਟਨਾਵਾਂ ਰੋਜ਼ਾਨਾ ਵਾਪਰਦੀਆਂ ਹਨ ਅਤੇ ਮੁੱਖ ਖ਼ਬਰਾਂ ਵਿੱਚ ਇਹਨਾਂ ਦਾ ਬਹੁਤ ਘੱਟ ਜਾਂ ਕਦੇ ਵੀ ਕੋਈ ਜ਼ਿਕਰ ਨਹੀਂ ਹੁੰਦਾ। ਮੈਨੂੰ ਉਮੀਦ ਹੈ ਕਿ ਇਹ ਹੌਟਲਾਈਨ ਪੀੜਤਾਂ ਨੂੰ ਇਹਨਾਂ ਘਟਨਾਵਾਂ ਦੀ ਰਿਪੋਰਟ ਕਰਨ ਦਾ ਬਲ ਬਕਸ਼ੇਗੀ ਤਾਂ ਜੋ ਅਸੀਂ ਭਾਈਚਾਰੇ ਨੂੰ ਮਜ਼ਬੂਤ ਬਣਾ ਸਕੀਏ ਅਤੇ ਨਿਆਂ ਅਤੇ ਉਪਚਾਰ ਦੇ ਰਾਹ ਵੱਲ ਵਧ ਸਕੀਏ।"
Washington Immigrant Solidarity Network ਦੀ ਕਾਰਜਕਾਰੀ ਨਿਰਦੇਸ਼ਕ Catalina Velasquez ਨੇ ਕਿਹਾ ਕਿ "ਇਹ ਹੌਟਲਾਈਨ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਉਸ ਗੱਲ ਨੂੰ ਸਵੀਕਾਰਦੀ ਹੈ ਜੋ ਸਾਡੇ ਭਾਈਚਾਰੇ ਹਮੇਸ਼ਾ ਤੋਂ ਜਾਣਦੇ ਸਨ: ਕਿ ਨਫ਼ਰਤ ਸਿਰਫ਼ ਤੰਗ ਕਾਨੂੰਨੀ ਪਰਿਭਾਸ਼ਾਵਾਂ ਤੱਕ ਹੀ ਸੀਮਤ ਨਹੀਂ ਹੈ ਜਿਸ ਵਿੱਚ ਸਰੀਰਕ ਨੁਕਸਾਨ ਜਾਂ ਸੰਪੱਤੀ ਨੂੰ ਨੁਕਸਾਨ ਪਹੁੰਚਾਉਣਾ ਸ਼ਾਮਲ ਹੈ। ਜਦੋਂ ਮੇਰੇ ਨੈੱਟਵਰਕ ਵਿੱਚ ਪ੍ਰਵਾਸੀ ਪਰਿਵਾਰਾਂ ਨੂੰ ਜ਼ੁਬਾਨੀ ਬੇਅਦਬੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਡਰਦੇ ਹਨ, ਜਦੋਂ ਟਰਾਂਸਜੈਂਡਰ ਭਾਈਚਾਰੇ ਦੇ ਲੋਕਾਂ ਨੂੰ ਰੋਜ਼ਾਨਾ ਛੋਟੇ-ਛੋਟੇ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਉਹਨਾਂ ਦਾ ਮਾਨਵਤਾ ਉੱਤੋਂ ਵਿਸ਼ਵਾਸ ਹੀ ਉੱਠ ਜਾਂਦਾ ਹੈ, ਜਦੋਂ ਸਾਡੇ ਬਜ਼ੁਰਗਾਂ ਨੂੰ ਕਿਹਾ ਜਾਂਦਾ ਹੈ ਕਿ 'ਉਹ ਆਪਣੇ ਦੇਸ਼ ਵਾਪਸ ਪਰਤ ਜਾਣ ਜਿੱਥੋਂ ਉਹ ਆਏ ਸਨ' — ਇਹ ਅਜਿਹਾ ਹਿੰਸਕ ਵਤੀਰਾ ਹੈ ਜੋ ਸਾਡੀਆਂ ਭੌਤਿਕ ਸਥਿਤੀਆਂ ਅਤੇ ਦੁਨੀਆ ਵਿੱਚ ਸੁਰੱਖਿਅਤ ਢੰਗ ਨਾਲ ਰਹਿਣ ਦੀ ਸਾਡੀ ਯੋਗਤਾ ਨੂੰ ਆਕਾਰ ਦਿੰਦਾ ਹੈ। ਹੌਟਲਾਈਨ ਇਹਨਾਂ ਤਜ਼ਰਬਿਆਂ ਨੂੰ ਦਸਤਾਵੇਜ਼ੀ ਰੂਪ ਦੇਣ, ਉਹਨਾਂ ਉੱਤੇ ਵਿਸ਼ਵਾਸ ਕਰਨ ਅਤੇ ਸੱਭਿਆਚਾਰਕ ਤੌਰ 'ਤੇ ਢੁਕਵੀਂ, ਟਰੌਮਾ ਬਾਰੇ ਜਾਣਕਾਰ ਦੇਖਭਾਲ ਪ੍ਰਦਾਨ ਕਰਨ ਲਈ ਜਗ੍ਹਾ ਬਣਾਉਂਦੀ ਹੈ।
Human Rights Spokane ਦੇ ਬੋਰਡ ਮੈਂਬਰ Hershel Zellman ਨੇ ਕਿਹਾ ਕਿ "ਮੈਨੂੰ ਉਮੀਦ ਹੈ ਕਿ ਇਸ ਹੌਟਲਾਈਨ ਦੇ ਨਾਲ ਨਫ਼ਰਤ ਦਾ ਸ਼ਿਕਾਰ ਬਣੇ ਲੋਕ ਇਹ ਮਹਿਸੂਸ ਕਰ ਸਕਣਗੇ ਕਿ ਉਹਨਾਂ ਦੇ ਸਥਾਨਕ ਭਾਈਚਾਰੇ ਉਹਨਾਂ ਦੇ ਨਾਲ ਖੜ੍ਹੇ ਹਨ। ਮੈਨੂੰ ਇਹ ਵੀ ਉਮੀਦ ਹੈ ਕਿ ਹੌਟਲਾਈਨ ਦੁਆਰਾ ਇਕੱਤਰ ਕੀਤੇ ਗਏ ਅੰਕੜਿਆਂ ਦੀ ਵਰਤੋਂ ਨਫ਼ਰਤ ਵਾਲੀਆਂ ਘਟਨਾਵਾਂ ਨੂੰ ਘਟਾਉਣ ਵਾਸਤੇ ਵਿੱਦਿਅਕ ਪ੍ਰੋਗਰਾਮ ਅਤੇ ਕਾਨੂੰਨ ਲਾਗੂ ਕਰਨ ਦੀਆਂ ਰਣਨੀਤੀਆਂ ਬਣਾਉਣ ਲਈ ਕੀਤੀ ਜਾਵੇਗੀ।"
ਵਾਸ਼ਿੰਗਟਨ ਰਾਜ ਵਿੱਚ Council on American-Islamic Relations ਦੀ ਇੱਕ ਕਾਨੂੰਨੀ ਵਕੀਲ Sabrene Odeh ਨੇ ਕਿਹਾ ਕਿ “ਸਾਨੂੰ ਉਮੀਦ ਹੈ ਕਿ ਇਹ ਹੌਟਲਾਈਨ ਸੱਭਿਆਚਾਰਕ ਤੌਰ 'ਤੇ ਢੁਕਵੀਂ ਸਹਾਇਤਾ ਪ੍ਰਦਾਨ ਕਰੇਗੀ, ਮੁਸਲਿਮ ਭਾਈਚਾਰੇ ਵਿੱਚ ਵਿਸ਼ਵਾਸ ਪੈਦਾ ਕਰੇਗੀ ਅਤੇ ਭਾਈਚਾਰੇ ਦੇ ਹੋਰ ਮੈਂਬਰਾਂ ਨੂੰ ਘਟਨਾਵਾਂ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕਰੇਗੀ। ਸਾਨੂੰ ਉਮੀਦ ਹੈ ਕਿ ਇਸ ਨਾਲ ਇਸਲਾਮੋਫੋਬੀਆ ਨੂੰ ਬਿਹਤਰ ਢੰਗ ਨਾਲ ਸਮਝਣ, ਭਵਿੱਖ ਵਿੱਚ ਭਾਈਚਾਰੇ ਲਈ ਬਣਨ ਵਾਲੇ ਪ੍ਰੋਗਰਾਮਾਂ ਅਤੇ ਪਹਿਲਕਦਮੀਆਂ ਨੂੰ ਬਿਹਤਰ ਬਣਾਉਣ ਅਤੇ ਸਾਡੇ ਭਾਈਚਾਰੇ ਦੇ ਮੈਂਬਰਾਂ ਲਈ ਢੁਕਵਾਂ ਸਮਰਥਨ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ। ਇਸ ਹੌਟਲਾਈਨ ਨੂੰ ਬਣਾਉਣ ਅਤੇ ਹੋਂਦ ਵਿੱਚ ਲਿਆਉਣ ਲਈ ਮੁਸਲਿਮ ਭਾਈਚਾਰੇ ਦੀ ਨੁਮਾਇੰਦਗੀ ਇਸ ਸੰਦੇਸ਼ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ ਕਿ ਮੁਸਲਮਾਨਾਂ ਦੀ ਸੁਰੱਖਿਆ ਨੂੰ ਤਰਜੀਹ ਅਤੇ ਮਹੱਤਵ ਦਿੱਤਾ ਜਾ ਰਿਹਾ ਹੈ।
Washington West African Center ਦੇ ਪ੍ਰੋਗਰਾਮ ਡਾਇਰੈਕਟਰ Momodou Jobe ਨੇ ਕਿਹਾ ਕਿ "ਸਾਡੀ ਸੰਸਥਾ ਉਸ ਭਾਈਚਾਰੇ ਦਾ ਇੱਕ ਭਰੋਸੇਯੋਗ ਸੰਦੇਸ਼ਵਾਹਕ ਹੈ ਜਿਸਦੀ ਅਸੀਂ ਸੇਵਾ ਕਰਦੇ ਹਾਂ। ਅਸੀਂ ਆਪਣੇ ਭਾਈਚਾਰੇ ਦੀ ਆਵਾਜ਼ ਨੂੰ ਆਪਣੀ ਆਵਾਜ਼ ਰਾਹੀਂ ਅੱਗੇ ਪਹੁੰਚਾਉਂਦੇ ਹਾਂ ਅਤੇ ਹੌਟਲਾਈਨ ਨੂੰ ਬਣਾਉਣ ਵਿੱਚ ਸਾਡੀ ਭਾਗੀਦਾਰੀ ਨੇ ਸਾਡੇ ਭਾਈਚਾਰੇ ਦੀ ਆਵਾਜ਼ ਨੂੰ ਸਾਹਮਣੇ ਲਿਆਂਦਾ ਹੈ।"
ਪੈਸੀਫਿਕ ਨੌਰਥਈਸਟ ਵਿੱਚ Anti-Defamation League ਦੀ ਖੇਤਰੀ ਨਿਰਦੇਸ਼ਕ Miri Cypers ਨੇ ਕਿਹਾ ਕਿ “ਯਹੂਦੀ ਭਾਈਚਾਰੇ ਦੇ ਬਹੁਤ ਸਾਰੇ ਲੋਕ ਵੱਧ ਰਹੀ ਯਹੂਦੀ-ਵਿਰੋਧੀ ਵਿਚਾਰਧਾਰਾ ਨਾਲ ਜੂਝ ਰਹੇ ਹਨ ਅਤੇ ਉਹਨਾਂ ਨੂੰ ਹੋਰ ਸਹਾਇਤਾ ਅਤੇ ਸੇਵਾਵਾਂ ਦੀ ਲੋੜ ਹੈ। K-12 ਸਕੂਲਾਂ ਵਿੱਚ ਪੱਖਪਾਤ ਦੀਆਂ ਘਟਨਾਵਾਂ ਨਾਲ ਜੂਝ ਰਹੇ ਸਾਡੇ ਸਭ ਤੋਂ ਛੋਟੇ ਬੱਚਿਆਂ ਤੋਂ ਲੈ ਕੇ ਖਤਰਿਆਂ ਦਾ ਸਾਹਮਣਾ ਕਰ ਰਹੀਆਂ ਭਾਈਚਾਰਕ ਸੰਸਥਾਵਾਂ ਤੱਕ, ਹੌਟਲਾਈਨ ਸੱਭਿਆਚਾਰਕ ਤੌਰ 'ਤੇ ਸੰਵੇਦਨਸ਼ੀਲ ਸਹਾਇਤਾ ਪ੍ਰਦਾਨ ਕਰੇਗੀ।"
Khalsa Gurmat Center ਦੇ ਕਾਰਜਕਾਰੀ ਨਿਰਦੇਸ਼ਕ Jasmit Singh ਨੇ ਕਿਹਾ ਕਿ “ਸਿੱਖ ਭਾਈਚਾਰਾ ਸਾਰਿਆਂ ਲਈ ਨਿਆਂ ਅਤੇ ਬਰਾਬਰੀ ਦੇ ਲਈ ਮਜ਼ਬੂਤੀ ਨਾਲ ਖੜ੍ਹਾ ਹੈ। ਅਸੀਂ ਹੌਟਲਾਈਨ ਦੀ ਸਥਾਪਨਾ ਦੀ ਸ਼ਲਾਘਾ ਕਰਦੇ ਹਾਂ, ਇਹ ਉਹਨਾਂ ਲੋਕਾਂ ਲਈ ਇੱਕ ਮਹੱਤਵਪੂਰਨ ਸਾਧਨ ਹੈ ਜਿਹਨਾਂ ਨੇ ਪੱਖਪਾਤ ਜਾਂ ਨਫ਼ਰਤ ਦਾ ਸਾਹਮਣਾ ਕੀਤਾ ਹੈ, ਇਸਦੇ ਨਾਲ ਉਹਨਾਂ ਦੀ ਪਰੇਸ਼ਾਨੀ ਸੁਣੀ ਜਾ ਸਕਦੀ ਹੈ ਅਤੇ ਘਟਨਾਵਾਂ ਨਾਲ ਨਜਿੱਠਿਆ ਜਾ ਸਕਦਾ ਹੈ। ਇਹ ਹੌਟਲਾਈਨ ਭਾਈਚਾਰਿਆਂ ਨੂੰ ਬਲ ਬਕਦਸ਼ੀ ਹੈ ਅਤੇ ਇਸ ਸੰਦੇਸ਼ ਨੂੰ ਮਜ਼ਬੂਤ ਬਣਾਉਂਦੀ ਹੈ ਕਿ ਵਾਸ਼ਿੰਗਟਨ ਰਾਜ ਵਿੱਚ ਨਫ਼ਰਤ ਦੀ ਕੋਈ ਥਾਂ ਨਹੀਂ ਹੈ।
ਵਾਸ਼ਿੰਗਟਨ ਦੀ ਨਫ਼ਰਤ ਅਧਾਰਿਤ ਅਪਰਾਧਾਂ ਅਤੇ ਪੱਖਪਾਤ ਦੀਆਂ ਘਟਨਾਵਾਂ ਲਈ ਬਣੀ ਹੌਟਲਾਈਨ ਬਾਰੇ ਹੋਰ ਜਾਣਕਾਰੀ ਲੈਣ ਲਈ, atg.wa.gov/report-hate 'ਤੇ ਜਾਓ।
ਪਰਿਭਾਸ਼ਾਵਾਂ
ਵਾਸ਼ਿੰਗਟਨ ਦੇ ਕਾਨੂੰਨ ਅਨੁਸਾਰ, ਨਫ਼ਰਤ ਅਧਾਰਿਤ ਅਪਰਾਧ ਨੂੰ ਹਮਲਾ ਕਰਨ, ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਜਾਂ ਕਿਸੇ ਵਿਅਕਤੀ ਦੀ ਨਸਲ, ਰੰਗ, ਧਰਮ, ਖ਼ਾਨਦਾਨ, ਰਾਸ਼ਟਰੀ ਮੂਲ, ਲਿੰਗ, ਜਿਨਸੀ ਝੁਕਾਅ, ਲਿੰਗੀ ਪ੍ਰਗਟਾਵਾ ਜਾਂ ਪਛਾਣ, ਜਾਂ ਅਪਾਹਜਤਾ ਦੇ ਅਧਾਰ 'ਤੇ ਹਮਲਾ ਕਰਨ ਜਾਂ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ।
ਪੱਖਪਾਤ ਵਾਲੀਆਂ ਘਟਨਾਵਾਂ ਪੱਖਪਾਤ ਦੀਆਂ ਕਾਰਵਾਈਆਂ ਹੁੰਦੀਆਂ ਹਨ ਜੋ ਅਪਰਾਧਿਕ ਨਹੀਂ ਹੁੰਦੀਆਂ ਅਤੇ ਇਸ ਵਿੱਚ ਹਿੰਸਾ, ਧਮਕੀਆਂ ਜਾਂ ਸੰਪੱਤੀ ਨੂੰ ਨੁਕਸਾਨ ਪਹੁੰਚਾਉਣਾ ਸ਼ਾਮਲ ਨਹੀਂ ਹੁੰਦਾ ਹੈ। ਹਾਲਾਂਕਿ ਪੱਖਪਾਤ ਦੀਆਂ ਘਟਨਾਵਾਂ ਉੱਤੇ ਅਪਰਾਧਿਕ ਕਾਰਵਾਈ ਨਹੀਂ ਕੀਤੀ ਜਾ ਸਕਦੀ, ਪਰ ਫਿਰ ਵੀ ਉਹਨਾਂ ਦੀ ਰਿਪੋਰਟ ਕਰਨਾ ਜ਼ਰੂਰੀ ਹੈ।
-30-
ਵਾਸ਼ਿੰਗਟਨ ਦੇ ਅਟਾਰਨੀ ਜਨਰਲ ਲੋਕਾਂ ਅਤੇ ਵਾਸ਼ਿੰਗਟਨ ਰਾਜ ਦੀ ਸੇਵਾ ਕਰਦੇ ਹਨ। ਰਾਜ ਦੀ ਸਭ ਤੋਂ ਵੱਡੀ ਕਾਨੂੰਨੀ ਫਰਮ ਹੋਣ ਦੇ ਨਾਤੇ, Attorney General’s Office ਵਾਸ਼ਿੰਗਟਨ ਦੀ ਹਰ ਰਾਜ ਏਜੰਸੀ, ਬੋਰਡ ਅਤੇ ਕਮਿਸ਼ਨ ਨੂੰ ਕਾਨੂੰਨੀ ਪ੍ਰਤੀਨਿਧਤਾ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਦਫ਼ਤਰ ਵੱਲੋਂ ਖਪਤਕਾਰ ਸੁਰੱਖਿਆ, ਨਾਗਰਿਕ ਅਧਿਕਾਰ, ਅਤੇ ਵਾਤਾਵਰਣ ਸੁਰੱਖਿਆ ਕਾਨੂੰਨਾਂ ਨੂੰ ਲਾਗੂ ਕਰਕੇ ਲੋਕਾਂ ਦੀ ਸਿੱਧੀ ਸੇਵਾ ਕੀਤੀ ਜਾਂਦੀ ਹੈ। ਇਹ ਦਫ਼ਤਰ, ਵਾਸ਼ਿੰਗਟਨ ਦੀਆਂ 39 ਕਾਉਂਟੀਆਂ ਵਿੱਚੋਂ 38 ਵਿੱਚ ਬਜ਼ੁਰਗਾਂ ਨਾਲ ਬਦਸਲੂਕੀ, Medicaid ਸੰਬੰਧੀ ਧੋਖਾਧੜੀ, ਅਤੇ ਜਿਨਸੀ ਹਿੰਸਾ ਦੇ ਮਾਮਲਿਆਂ ਨੂੰ ਵੀ ਸੰਭਾਲਦਾ ਹੈ। ਹੋਰ ਜਾਣਕਾਰੀ ਦੇ ਲਈ www.atg.wa.gov 'ਤੇ ਜਾਓ।
ਮੀਡੀਆ ਲਈ ਸੰਪਰਕ ਜਾਣਕਾਰੀ:
ਈਮੇਲ: press@atg.wa.gov
ਫ਼ੋਨ: (360) 753-2727
ਆਮ ਸੰਪਰਕ ਜਾਣਕਾਰੀ: ਇੱਥੇ ਕਲਿੱਕ ਕਰੋ (ਅੰਗਰੇਜ਼ੀ)
ਮੀਡੀਆ ਰਿਸੋਰਸ ਗਾਈਡ ਅਤੇ Attorney General’s Office ਤੋਂ ਅਕਸਰ ਪੁੱਛੇ ਜਾਣ ਵਾਲੇ ਸਵਾਲ (FAQ)
Other Languages